ਹੈਰੋਇਨ ਤਸਕਰੀ ਮਾਮਲਾ: ਐੱਨਆਈਏ ਦੇ ਵਕੀਲ ਨੂੰ ਪਾਕਿ ਤੋਂ ਧਮਕੀ

ਹੈਰੋਇਨ ਤਸਕਰੀ ਮਾਮਲਾ: ਐੱਨਆਈਏ ਦੇ ਵਕੀਲ ਨੂੰ ਪਾਕਿ ਤੋਂ ਧਮਕੀ

ਪੰਜਾਬ ਦੇ ਬਹੁ-ਚਰਚਿਤ ਹੈਰੋਇਨ ਮਾਮਲੇ ਵਿੱਚ ਪਾਕਿਸਤਾਨ ਦੇ ਡਰੱਗ ਤਸਕਰਾਂ ਨੇ ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਹਨ। ਐੱਨਆਈਏ ਦੇ ਸੀਨੀਅਰ ਵਕੀਲ ਨੂੰ ਵਸਟਐਪ ’ਤੇ ਫੋਨ ਕਰਕੇ ਧਮਕਾਇਆ ਗਿਆ ਹੈ। ਇਸ ਤੋਂ ਪਹਿਲਾਂ ਹਿੰਦੂ ਆਗੂਆਂ ਦੀ ਹੱਤਿਆ ਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਵਿੱਚ ਖਾੜਕੂ ਕਾਰਕੁਨਾਂ ਦੀ ਗ੍ਰਿਫ਼ਤਾਰੀ ਮਗਰੋਂ ਵੀ ਉਸ ਨੂੰ ਧਮਕਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਖੁਫੀਆਂ ਏਜੰਸੀਆਂ ਚੌਕਸ ਹੋ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬਹੁ-ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਨਾਮਜ਼ਦ ਕਈ ਮੁਲਜ਼ਮਾਂ ਦੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਤਾਰ ਜੁੜੇ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਦੀ ਪੜਤਾਲ ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪੀ ਗਈ ਸੀ। ਇੰਝ ਹੀ ਪੰਜਾਬ ਵਿੱਚ ਹਿੰਦੂ ਆਗੂਆਂ ਦੀ ਮੌਤ ਤੇ ਜਾਨਲੇਵਾ ਹਮਲਿਆਂ ਦੇ ਮਾਮਲਿਆਂ ਦੀ ਜਾਂਚ ਵੀ ਐੱਨਆਈਏ ਕੋਲ ਹੈ। ਇਨ੍ਹਾਂ ਮਾਮਲਿਆਂ ਦੀ ਸੁਣਵਾਈ ਮੁਹਾਲੀ ਸਥਿਤ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ।
ਐੱਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਹੈਰੋਇਨ ਤਸਕਰੀ ਮਾਮਲੇ ਵਿੱਚ ਪਾਕਿਸਤਾਨ ’ਚੋਂ ਕਿਸੇ ਨੇ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ ਉੱਤੇ ਵਸਟਐਪ ’ਤੇ ਕਾਲ ਕਰਕੇ ਧਮਕਾਇਆ ਗਿਆ ਹੈ। ਫੋਨ ’ਤੇ ਗੱਲ ਕਰਨ ਵਾਲਾ ਪੰਜਾਬੀ ਬੋਲਦਾ ਸੀ। ਉਸ ਦਾ ਕਹਿਣਾ ਸੀ ਕਿ ਉਹ ਹੈਰੋਇਨ ਤਸਕਰੀ ਮਾਮਲੇ ਦੀ ਅਦਾਲਤ ਵਿੱਚ ਠੋਸ ਪੈਰਵੀ ਕਰਨ ਤੋਂ ਲਾਂਭੇ ਹੋ ਜਾਵੇ, ਵਰਨਾ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਇਸ ਸਬੰਧੀ ਉਨ੍ਹਾਂ ਐੱਨਆਈਏ ਦੇ ਮੁੱਖ ਦਫ਼ਤਰ ਅਤੇ ਆਈਜੀ ਨੂੰ ਇਤਲਾਹ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ’ਚ ਹਿੰਦੂ ਆਗੂਆਂ ਦੇ ਕਤਲ ਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਵਿੱਚ ਵੀ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ ਹੈ।

Radio Mirchi