‘ਆਪ’ ਦੀ ਜਿੱਤ ਨਾਲ ਪੰਜਾਬ ਦੀ ਸਿਆਸਤ ਭਖੀ
ਦੇਸ਼ ਦੀ ਰਾਜਧਾਨੀ ਦਿੱਲੀ ’ਚ ਵਿਧਾਨ ਸਭਾ ਚੋਣਾਂ ਦੌਰਾਨ ਤੀਜੀ ਵਾਰ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਦਾ ਰਾਜਸੀ ਪਾਰਾ ਅਸਮਾਨੀਂ ਪੁੱਜ ਗਿਆ ਹੈ। ‘ਆਪ’ ਆਗੂ ਇਨ੍ਹਾਂ ਚੋਣ ਨਤੀਜਿਆਂ ਨੂੰ ਸਾਲ 2022 ਦੌਰਾਨ ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਸਿੱਧਾ ਜੋੜ ਰਹੇ ਹਨ। ਇਸ ਨਾਲ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ’ਚ ‘ਆਪ’ ਦਾ ਪ੍ਰਭਾਵ ਵੱਧ ਸਕਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜਿਆਂ ਦੌਰਾਨ ਸੋਸ਼ਲ ਮੀਡੀਆ ਤੇ ਆਮ ਲੋਕਾਂ ਵਿਚ ਜਿੱਥੇ ਸਭ ਤੋਂ ਵੱਧ ਚਰਚਾ ਦਿੱਲੀ ਦੀ ਸੀ, ਉਥੇ ਹੀ ਲੋਕਾਂ ’ਚ ਇਸ ਗੱਲ ਦੀ ਵੀ ਚਰਚਾ ਸੀ ਕਿ ਹੁਣ ਪੰਜਾਬ ਵਿਚ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਦੁਬਾਰਾ ਰਵਾਇਤੀ ਪਾਰਟੀਆਂ ਦਾ ਬਦਲ ਮਿਲ ਗਿਆ ਹੈ। ਦੂਜੇ ਪਾਸੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਦਿੱਲੀ ਦੇ ਨਤੀਜਿਆਂ ਦਾ ਅਸਰ ਪੰਜਾਬ ’ਤੇ ਪਵੇਗਾ। ਅਕਾਲੀ ਆਗੂ ਵੀ ਇਹੀ ਦਾਅਵਾ ਕਰ ਰਹੇ ਹਨ ਕਿ ‘ਆਪ’ ਦਾ ਜਲਵਾ ਪੰਜਾਬ ’ਚ ਨਹੀਂ ਚੱਲੇਗਾ ਪਰ ਇਹ ਗੱਲ ਸਾਫ ਹੋ ਗਈ ਹੈ ਕਿ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਪੰਜਾਬ ’ਚ ਇੱਕ ਵਾਰ ਫਿਰ ਤੋਂ ‘ਆਪ’ ਵਰਕਰਾਂ ’ਚ ਜਾਨ ਭਰ ਗਈ ਹੈ। ਦੱਸ ਦੇਈਏ ਕਿ 2014 ਦੀਆਂ ਲੋਕ ਸਭਾ ਚੋਣਾਂ ’ਚ ‘ਆਪ’ ਨੇ ਪੰਜਾਬ ’ਚ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਚੋਣਾਂ ’ਚ ‘ਆਪ’ ਦੇ ਚਾਰ ਉਮੀਦਵਾਰ ਜਿੱਤੇ ਸਨ। ਇਸ ਜਿੱਤ ਤੋਂ ਬਾਅਦ ‘ਆਪ’ ਦੀ ਨਜ਼ਰ ਸਿੱਧੀ 2017 ਦੀਆਂ ਵਿਧਾਨ ਸਭਾ ਚੋਣਾਂ ’ਤੇ ਸੀ ਪਰ ਪਰ ਕੁਝ ਕਾਰਨਾਂ ਕਰ ਕੇ ‘ਆਪ’ ਸੱਤਾ ਤੋਂ ਦੂਰ ਰਹਿ ਗਈ।
ਇਸ ਤੋਂ ਬਾਅਦ ‘ਆਪ’ ਵਿਚ ਫੁੱਟ ਪੈ ਗਈ ਤੇ ਜਿੱਤੇ ਹੋਏ ਵਿਧਾਇਕ ਪਾਰਟੀ ਛੱਡ ਕੇ ਹੋਰਨਾਂ ਪਾਰਟੀਆਂ ਵਿਚ ਜਾ ਰਲੇ। ਸਾਲ 2019 ’ਚ ਚਾਰ ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ‘ਆਪ’ ਦੇ ਖਾਤੇ ਇੱਕ ਵੀ ਸੀਟ ਨਹੀਂ ਆਈ। ਸਾਲ 2019 ਦੀਆਂ ਪੰਜਾਬ ਲੋਕ ਸਭਾ ਚੋਣਾਂ ’ਚ ‘ਆਪ’ ਦੀਆਂ ਸੀਟਾਂ ਚਾਰ ਤੋਂ ਘੱਟ ਕੇ ਇੱਕ ਰਹਿ ਗਈ। ਇਸ ਤੋਂ ਬਾਅਦ ਪਾਰਟੀ ਪੰਜਾਬ ’ਚ ਹਾਸ਼ੀਏ ’ਤੇ ਚਲੀ ਗਈ ਪਰ ਦਿੱਲੀ ਜਿੱਤ ਨੇ ਪੰਜਾਬ ’ਚ ਪਾਰਟੀ ਲਈ ਸੰਜੀਵਨੀ ਬੂਟੀ ਦਾ ਕੰਮ ਕੀਤਾ ਹੈ। ਦਿੱਲੀ ਜਿੱਤਣ ਤੋਂ ਬਾਅਦ ਸਰਕਟ ਹਾਊਸ ਵਿਚ ਵਿਧਾਨ ਸਭਾ ਦੀ ਡਿਪਟੀ ਆਗੂ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਦਿੱਲੀ ਦੀ ਜਿੱਤ ਦਾ ਅਸਰ ਪੰਜਾਬ ’ਚ ਸਾਲ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਾਫ਼ ਦਿਖੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਦਿੱਲੀ ਦੀ ਜਿੱਤ ਲੋਕਾਂ ਨੇ ਦਿੱਤੀ ਹੈ, ਉਹ ਲੋਕਤੰਤਰ ਦੀ ਜਿੱਤ ਹੈ ਪਰ ਜੇਕਰ ‘ਆਪ’ ਆਗੂ ਇਹ ਸੋਚਣ ਕਿ ਦਿੱਲੀ ਦੀ ਜਿੱਤ ਦਾ ਪੰਜਾਬ ’ਤੇ ਅਸਰ ਪਵੇਗਾ ਤਾਂ ਇਹ ਗਲਤ ਹੈ। ਪੰਜਾਬ ਦੇ ਲੋਕ ਸਾਰਾ ਕੁਝ ਦੇਖ ਚੁੱਕੇ ਹਨ।