‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੀਆਂ ਤਕਰੀਰਾਂ ਕਰ ਕੇ ਚੋਣ ਹਾਰੇ: ਸ਼ਾਹ

‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੀਆਂ ਤਕਰੀਰਾਂ ਕਰ ਕੇ ਚੋਣ ਹਾਰੇ: ਸ਼ਾਹ

ਈਵੀਐੱਮਜ਼ ਦਾ ਬਟਨ ਦੱਬ ਕੇ ਸ਼ਾਹੀਨ ਬਾਗ਼ ਵਿੱਚ ਸੀਏਏ ਖ਼ਿਲਾਫ਼ ਧਰਨਾ ਲਾਈ ਬੈਠੇ ਲੋਕਾਂ ਨੂੰ ਕਰੰਟ ਲਾਉਣ ਦਾ ਦਾਅਵਾ ਕਰਨ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪਿੱਛਲ ਪੈਰੀਂ ਹੁੰਦਿਆਂ ਮੰਨਿਆ ਕਿ ਭਾਜਪਾ ਆਗੂਆਂ ਨੂੰ ਹਾਲੀਆ ਦਿੱਲੀ ਅਸੈਂਬਲੀ ਚੋਣਾਂ ਦੇ ਪ੍ਰਚਾਰ ਮੌਕੇ ‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੀਆਂ ਤਕਰੀਰਾਂ ਨਹੀਂ ਕਰਨੀਆਂ ਚਾਹੀਦੀਆਂ ਸਨ। ਸ਼ਾਹ ਨੇ ਕਿਹਾ ਕਿ ਸ਼ਾਇਦ ਅਜਿਹੀਆਂ ਟੀਕਾ-ਟਿੱਪਣੀਆਂ ਕਰਕੇ ਹੀ ਭਾਜਪਾ ਨੂੰ ਚੋਣਾਂ ਵਿੱਚ ਹਾਰ ਨਸੀਬ ਹੋਈ। ਗ੍ਰਹਿ ਮੰਤਰੀ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਭਾਜਪਾ ਚੋਣਾਂ ਮਹਿਜ਼ ਜਿੱਤਣ ਜਾਂ ਹਾਰਨ ਲਈ ਨਹੀਂ ਲੜਦੀ, ਪਰ ਚੋਣਾਂ ਰਾਹੀਂ ਆਪਣੀ ਵਿਚਾਰਧਾਰਾ ਦੇ ਘੇਰੇ ਨੂੰ ਵਧਾਉਣ ਵਿੱਚ ਯਕੀਨ ਰੱਖਦੀ ਹੈ।
ਇਥੇ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ’ਚ ਬੋਲਦਿਆਂ ਸ਼ਾਹ ਨੇ ਕਿਹਾ, ‘‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੇ ਬਿਆਨਾਂ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਸੀ। ਅਸੀਂ ਅਜਿਹੇ ਬਿਆਨਾਂ ਤੋਂ ਕਿਨਾਰਾ ਕਰਦੇ ਹਾਂ।’ ਸ੍ਰੀ ਸ਼ਾਹ ਨੇ ਇਕ ਸਵਾਲ ਦੇ ਜਵਾਬ ਵਿੱਚ ਮੰਨਿਆ ਕਿ ਭਾਜਪਾ ਨੂੰ ਦਿੱਲੀ ਚੋਣਾਂ ਦੌਰਾਨ ਉਹਦੇ ਕੁਝ ਆਗੂਆਂ ਵੱਲੋਂ ਕੀਤੀਆਂ ਭੜਕਾਊ ਤਕਰੀਰਾਂ ਦਾ ਖਮਿਆਜ਼ਾ ਹਾਰ ਦੇ ਰੂਪ ਵਿੱਚ ਝੱਲਣਾ ਪਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਚੋਣਾਂ ਬਾਰੇ ਉਨ੍ਹਾਂ ਦੀ ਸਮੀਖਿਆ ਗ਼ਲਤ ਸਾਬਤ ਹੋਈ ਹੈ, ਪਰ ਚੋਣ ਨਤੀਜਿਆਂ ਨੂੰ ਨਾਗਰਿਕਤਾ ਸੋਧ ਐਕਟ (ਸੀਏਏ) ਤੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐੱਨਆਰਸੀ) ਖ਼ਿਲਾਫ਼ ਫ਼ਤਵਾ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸੀਏਏ ’ਤੇ ਚਰਚਾ ਲਈ ਕੋਈ ਵੀ ਵਿਅਕਤੀ ਉਨ੍ਹਾਂ ਦੇ ਦਫ਼ਤਰ ਤੋਂ ਸਮਾਂ ਲੈ ਸਕਦਾ ਹੈ, ‘ਅਸੀਂ ਤਿੰਨ ਦਿਨਾਂ ’ਚ ਸਮਾਂ ਦੇਵਾਂਗੇ।’ ਇਸ ਦੌਰਾਨ ਸ਼ਾਹ ਨੇ ‘ਨਸ਼ਾ ਤਸਕਰੀ ਦੇ ਟਾਕਰੇ’ ਲਈ ਦੋ ਰੋਜ਼ਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ‘ਜ਼ੀਰੋ ਟੋਲੈਰੈਂਸ’ ਪਾਲਿਸੀ ਅਪਣਾਈ ਹੈ। ਕਿਉਂਕਿ ਨਸ਼ਿਆਂ ਤੋਂ ਕਮਾਇਆ ਪੈਸਾ ਅੱਗੇ ਆਲਮੀ ਅਤਿਵਾਦ ਨੂੰ ਫ਼ੰਡਿੰਗ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਵਿੱਚ ਭਾਰਤ ਕੋਈ ਕਸਰ ਨਹੀਂ ਛੱਡੇਗਾ।
 

Radio Mirchi