‘ਗੱਠਜੋੜ ਦਾ ਧਰਮ’ ਨਿਭਾਏਗੀ ਸ਼ਿਵ ਸੈਨਾ: ਰਾਉਤ
ਮੁੰਬਈ-ਮਹਾਰਾਸ਼ਟਰ ਵਿਚ ਸਰਕਾਰ ਦੀ ਕਾਇਮੀ ਲਈ ਸਿਆਸੀ ਗਿਣਤੀਆਂ-ਮਿਣਤੀਆਂ ਤੇ ਕਿਆਸਰਾਈਆਂ ਵਿਚਾਲੇ ਅੱਜ ਸ਼ਿਵ ਸੈਨਾ ਨੇ ਕਿਹਾ ਹੈ ਕਿ ਪਾਰਟੀ ‘ਗੱਠਜੋੜ ਦਾ ਧਰਮ’ ਨਿਭਾਏਗੀ। ਸੈਨਾ ਦੀ ਇਸ ਟਿੱਪਣੀ ਨੂੰ ਭਾਜਪਾ ਖ਼ਿਲਾਫ਼ ਉਸ ਵੱਲੋਂ ਆਪਣਾ ਰੁਖ਼ ਨਰਮ ਕੀਤੇ ਜਾਣ ਵਜੋਂ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਜਪਾ ਤੇ ਸੈਨਾ ਵਿਚਾਲੇ ਸੱਤਾ ਦੀ ਵੰਡ ਬਾਰੇ ਕਈ ਦਿਨਾਂ ਤੋਂ ਖਿੱਚੋਤਾਣ ਚੱਲ ਰਹੀ ਹੈ। ਦੋਵੇਂ ਧਿਰਾਂ ਜੋ ਕਿ ਪਿਛਲੀ ਸਰਕਾਰ ਵਿਚ ਭਾਈਵਾਲ ਸਨ, ਨੇ ਅਜੇ ਤੱਕ ਨਵੀਂ ਸਰਕਾਰ ਦੀ ਕਾਇਮੀ ਲਈ ਰਸਮੀ ਗੱਲਬਾਤ ਤੱਕ ਨਹੀਂ ਆਰੰਭੀ ਹੈ ਜਦਕਿ ਮੌਜੂਦਾ ਵਿਧਾਨ ਸਭਾ ਦੀ ਮਿਆਦ 8 ਨਵੰਬਰ ਤੱਕ ਹੈ। ਸ਼ਿਵ ਸੈਨਾ ਆਗੂ ਸੰਜੈ ਰਾਉਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਗੱਠਜੋੜ ਕਰ ਕੇ ਲੜੀਆਂ ਹਨ ਤੇ ਆਖ਼ਰੀ ਪਲ ਤੱਕ ਉਹ ਗੱਠਜੋੜ ਧਰਮ ਨਿਭਾਉਣਗੇ। ਉਨ੍ਹਾਂ ਕਾਂਗਰਸੀ ਆਗੂ ਹੁਸੈਨ ਦਲਵਈ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ਿਵ ਸੈਨਾ ਨੂੰ ਹਮਾਇਤ ਦੇਣ ਸਬੰਧੀ ਲਿਖੇ ਪੱਤਰ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਉਤ ਨੇ ਸ਼ੁੱਕਰਵਾਰ ਕਿਹਾ ਸੀ ਕਿ ਸੈਨਾ ਚਾਹੇ ਤਾਂ ਸਥਿਰ ਸਰਕਾਰ ਬਣਾਉਣ ਲਈ ਲੋੜੀਂਦਾ ਸਮਰਥਨ ਜੁਟਾ ਸਕਦੀ ਹੈ। ਸੰਜੈ ਨੇ ਕਿਹਾ ਕਿ ਸੈਨਾ ਤੇ ਭਾਜਪਾ ਨੂੰ ਛੱਡ ਬਾਕੀ ਸਾਰੇ ਸਰਕਾਰ ਬਣਾਉਣ ਲਈ ਸਰਗਰਮ ਹਨ ਤੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੈਨਾ ਨੇ ਸਰਕਾਰ ਬਣਾਉਣ ਲਈ ਤਾਲਮੇਲ ਕਰਨਾ ਨਹੀਂ ਛੱਡਿਆ ਬਲਕਿ ਗੱਲਬਾਤ ਸ਼ੁਰੂ ਹੀ ਨਹੀਂ ਹੋਈ ਹੈ। ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਮਗਰੋਂ ਨਵੇਂ ਸਿਆਸੀ ਗੱਠਜੋੜ ਬਾਰੇ ਜਤਾਈਆਂ ਜਾ ਰਹੀਆਂ ਸੰਭਾਵਨਾਵਾਂ ਤੋਂ ਵੀ ਰਾਉਤ ਨੇ ਪਾਸਾ ਵੱਟਿਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਈ ਮੁੱਦੇ ਹਨ ਜਿਨ੍ਹਾਂ ’ਤੇ ਆਗੂ ਇਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਰਾਉਤ ਨੇ ਕਿਹਾ ਕਿ ਬੇਸ਼ੱਕ ਰਾਜਪਾਲ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਭੇਜਦਾ ਹੈ ਪਰ ਮਹੱਤਵਪੂਰਨ ਇਹ ਹੈ ਕਿ 288 ਮੈਂਬਰੀ ਵਿਧਾਨ ਸਭਾ ਵਿਚ 145 ਵਿਧਾਇਕ ਬਹੁਮੱਤ ਲਈ ਚਾਹੀਦੇ ਹਨ ਤੇ ਜਿਸ ਕੋਲ ਵੀ ਇਹ ਗਿਣਤੀ ਹੈ, ਉਹ ਉਸ ਨੂੰ ਸ਼ੁੱਭ ਇੱਛਾਵਾਂ ਦਿੰਦੇ ਹਨ। ਜ਼ਿਕਰਯੋਗ ਹੈ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਢਾਈ ਸਾਲ ਲਈ ਮੁੱਖ ਮੰਤਰੀ ਦਾ ਅਹੁਦਾ ਤੇ ਕੈਬਨਿਟ ਵਿਚ 50 ਫ਼ੀਸਦ ਹਿੱਸੇਦਾਰੀ ਮੰਗ ਰਹੀ ਹੈ ਜਦਕਿ ਭਾਜਪਾ ਨੂੰ ਫ਼ਿਲਹਾਲ ਇਹ ਸਵੀਕਾਰ ਨਹੀਂ। ਮਹਾਰਾਸ਼ਟਰ ਕਾਂਗਰਸ ਦੇ ਵੀ ਸਿਖ਼ਰਲੇ ਆਗੂਆਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ ਹੈ।