‘ਟੀਕਾ ਉਤਸਵ’ ਕੋਵਿਡ-19 ਖ਼ਿਲਾਫ਼ ਦੂਜੀ ਵੱਡੀ ਜੰਗ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਜਯੋਤੀਰਾਓ ਫੂਲੇ ਦੀ ਜੈਅੰਤੀ ਤੋਂ ਲੈ ਕੇ 14 ਅਪਰੈਲ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੀ ਜੈਅੰਤੀ ਤੱਕ ਮਨਾਇਆ ਜਾ ਰਿਹਾ ‘ਟੀਕਾ ਉਤਸਵ’ ਕੋਵਿਡ-19 ਖ਼ਿਲਾਫ਼ ਦੂਜੀ ਵੱਡੀ ਜੰਗ ਹੈ। ਉਨ੍ਹਾਂ ਲਾਗ ਨਾਲ ਨਜਿੱਠਣ ਲਈ ਲੋਕਾਂ ਨੂੰ ਕਈ ਸੁਝਾਅ ਦਿੱਤੇ ਅਤੇ ਬੇਨਤੀ ਕੀਤੀ ਕਿ ਉਹ ਆਪਣੀ ਤੇ ਸਮਾਜ ਦੀ ਸਾਫ਼-ਸਫ਼ਾਈ ਦਾ ਧਿਆਨ ਜ਼ਰੂਰ ਰੱਖਣ। ਆਪਣੇ ਬਿਆਨ ’ਚ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਚਾਰ ਗੱਲਾਂ ਨੂੰ ਦਿਮਾਗ ’ਚ ਰੱਖਣ, ‘ਈਚ ਵਨ-ਵੈਕਸੀਨੇਟ ਵਨ’, ‘ਈਚ ਵਨ-ਟਰੀਟ ਵਨ’, ‘ਈਚ ਵਨ-ਸੇਵ ਵਨ’ ਅਤੇ ‘ਮਾਈਕਰੋ ਕਨਟੇਨਮੈਂਟ ਜ਼ੋਨ’। ਪ੍ਰਧਾਨ ਮੰਤਰੀ ਨੇ ਕਿਹਾ ਕਿ ਈਚ ਵਨ-ਵੈਕਸੀਨੇਟ ਵਨ ਯਾਨੀ ਜਿਹੜੇ ਘੱਟ ਪੜ੍ਹੇ-ਲਿਖੇ ਹਨ, ਬਜ਼ੁਰਗ ਜਾਂ ਖੁਦ ਜਾ ਕੇ ਟੀਕਾ ਨਹੀਂ ਲਗਵਾ ਸਕਦੇ, ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਈਚ ਵਨ-ਸੇਵ ਵਨ ਅਤੇ ਈਚ ਵਨ-ਟਰੀਟ ਵਨ ਤੋਂ ਭਾਵ ਹੈ ਕਿ ਹਰੇਕ ਵਿਅਕਤੀ ਦੂਜੇ ਵਿਅਕਤੀ ਦੀ ਰੱਖਿਆ ਕਰੇ ਅਤੇ ਕੋਵਿਡ ਦੇ ਇਲਾਜ ’ਚ ਮਾਸਕ ਨੂੰ ਉਤਸ਼ਾਹਿਤ ਕਰਕੇ ਲਾਗ ਤੋਂ ਬਚਾਅ ’ਚ ਹੋਰਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਲੋਕਾਂ ਅਤੇ ਪਰਿਵਾਰਾਂ ਨੂੰ ਕਿਹਾ ਕਿ ਕਿਸੇ ਨੂੰ ਕੋਵਿਡ-19 ਹੋਣ ’ਤੇ ਮਾਈਕਰੋ ਕਨਟੇਨਮੈਂਟ ਜ਼ੋਨ ਸਥਾਪਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁਲਕ ਜੰਗ ’ਚ ਤਾਂ ਹੀ ਸਫ਼ਲ ਹੋਵੇਗਾ ਜੇਕਰ ਬਿਨਾਂ ਵਜ੍ਹਾ ਤੋਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਟੀਕੇ ਦੀ ਇਕ ਵੀ ਖੁਰਾਕ ਬੇਕਾਰ ਨਾ ਜਾਵੇ। ਉਨ੍ਹਾਂ ਕਿਹਾ ਕਿ ‘ਟੀਕਾ ਉਤਸਵ’ ਦੇ ਚਾਰ ਦਿਨਾਂ ’ਚ ਨਿੱਜੀ, ਸਮਾਜ ਅਤੇ ਪ੍ਰਸ਼ਾਸਨ ਦੇ ਪੱਧਰ ’ਤੇ ਟੀਚੇ ਤੈਅ ਕਰਨੇ ਪੈਣਗੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਉਧਰ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ‘ਟੀਕਾ ਉਤਸਵ’ ਨੂੰ ਕਾਮਯਾਬ ਬਣਾਉਣ ਲਈ ਪੂਰੀ ਵਾਹ ਲਗਾ ਦੇਣ।