‘ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਢਲੇ ਮੈਂਬਰ ਹੀ ਨਹੀਂ’
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਖ਼ਿਲਾਫ਼ ਅਪਣਾਏ ਹਮਲਾਵਰ ਰੁਖ਼ ਮਗਰੋਂ ਪਾਰਟੀ ਲੀਡਰਸ਼ਿਪ ਵੀ ਹਰਕਤ ਵਿਚ ਆ ਗਈ ਹੈ। ਉਨ੍ਹਾਂ ਨੂੰ ਜੱਦੀ ਜ਼ਿਲ੍ਹਿਆਂ ਵਿਚ ਘੇਰਨ ਦੀ ਰਣਨੀਤੀ ਤਹਿਤ ਅੱਜ ਅਕਾਲੀ ਲੀਡਰਸ਼ਿਪ ਵਲੋਂ ਜਿਥੇ ਢੀਂਡਸਾ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਉਥੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਨਾਲ ਸਬੰਧਤ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ ਐੱਸਜੀਪੀਸੀ ਮੈਂਬਰਾਂ ਦੀ ਸਿਆਸੀ ਪਰੇਡ ਕਰਵਾ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਭਰੋਸਾ ਪ੍ਰਗਟਾਇਆ ਗਿਆ। ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਫਿਲਹਾਲ ਦੋਵੇਂ ਪਾਸਿਆਂ ਤੋਂ ਦੂਰੀ ਬਣਾ ਰੱਖੀ ਹੈ।
ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ’ਚ ਅੱਜ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਅਤੇ ਇੱਕ ਸਰਕਲ ਪ੍ਰਧਾਨ ਨੂੰ ਛੱਡ ਕੇ ਦੋਵੇਂ ਜ਼ਿਲ੍ਹਿਆਂ ਦੇ ਐੱਸਜੀਪੀਸੀ ਮੈਂਬਰ, ਸਾਰੇ ਹਲਕਾ ਇੰਚਾਰਜ ਅਤੇ ਸਰਕਲ ਪ੍ਰਧਾਨ ਹਾਜ਼ਰ ਸਨ। ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਸ੍ਰੀ ਢੀਂਡਸਾ ਖ਼ਿਲਾਫ਼ ਤਿੱਖੀ ਸੁਰ ਵਿਚ ਸਿਆਸੀ ਹਮਲੇ ਕੀਤੇ। ਕਈ ਆਗੂਆਂ ਨੇ ਢੀਂਡਸਾ ਖ਼ਿਲਾਫ਼ ਦਬਵੀਂ ਆਵਾਜ਼ ਰੱਖਦਿਆਂ ਉਨ੍ਹਾਂ ਨੂੰ ਆਪਣੇ ਫ਼ੈਸਲੇ ’ਤੇ ਵਿਚਾਰ ਕਰਨ ਅਤੇ ਪਾਰਟੀ ਨਾਲ ਜੁੜੇ ਰਹਿਣ ਦੀ ਅਪੀਲ ਵੀ ਕੀਤੀ। ਸ੍ਰੀ ਮਾਨ ਅਤੇ ਝੂੰਦਾਂ ਨੇ ਦਾਅਵਾ ਕੀਤਾ ਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਮੁੱਢਲੇ ਮੈਂਬਰ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਭਰਤੀ ਮੁਹਿੰਮ ਦੌਰਾਨ 10 ਰੁਪਏ ਮੈਂਬਰਸ਼ਿਪ ਫੀਸ ਨਹੀਂ ਭਰੀ। ਸ੍ਰੀ ਝੂੰਦਾਂ ਨੇ ਦੋਸ਼ ਲਾਇਆ ਕਿ ਸ੍ਰੀ ਢੀਂਡਸਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੁਰਾਣੀ ਯਾਰੀ ਹੈ ਅਤੇ ਉਨ੍ਹਾਂ ਦੀ ਸ਼ਹਿ ’ਤੇ ਹੀ ਢੀਂਡਸਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਂਦੇ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਢੀਂਡਸਾ ਵਲੋਂ ਬੁਲਾਈ ਮੀਟਿੰਗ ’ਚ ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਵਰਕਰ ਸ਼ਾਮਲ ਸਨ ਅਤੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਸੀ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਹੁਣ ਢੀਂਡਸਾ ਨੂੰ ਸੰਨਿਆਸ ਲੈ ਕੇ ਘਰ ਬੈਠ ਜਾਣਾ ਚਾਹੀਦਾ ਹੈ