‘ਦੀਵਾਲੀ ਨੇੜੇ ਪਿਓ ਤੁਰਗਿਆ, ਵਿਸਾਖੀ ਵੇਲੇ ਮਾਂ’, ਕਰਨ ਔਜਲਾ ਦੀ ਜ਼ਿੰਦਗੀ ’ਚ ਤਿਉਹਾਰ ਲੈ ਕੇ ਆਉਂਦੇ ਨੇ ਦੁੱਖ
ਚੰਡੀਗੜ੍ਹ – ਪੰਜਾਬੀ ਗਾਇਕ ਕਰਨ ਔਜਲਾ ਆਪਣੇ ਮਾਤਾ-ਪਿਤਾ ਨੂੰ ਕਿੰਨਾ ਯਾਦ ਕਰਦੇ ਹਨ, ਇਸ ਗੱਲ ਦਾ ਅੰਦਾਜ਼ਾ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਪਤਾ ਲੱਗ ਜਾਂਦਾ ਹੈ। ਬੀਤੇ ਦਿਨੀਂ ਮਾਤਾ-ਪਿਤਾ ਨਾਲ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਤੋਂ ਬਾਅਦ ਅੱਜ ਵਿਸਾਖੀ ਵਾਲੇ ਦਿਨ ਕਰਨ ਔਜਲਾ ਨੇ ਆਪਣੀ ਮਾਤਾ ਜੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ ਨਾਲ ਕਰਨ ਔਜਲਾ ਨੇ ਲਿਖਿਆ ਹੈ, ‘ਮੇਰੀ ਜ਼ਿੰਦਗੀ ’ਚ ਤਿਉਹਾਰ ਵੀ ਅਜੀਬ ਤਰੀਕੇ ਨਾਲ ਹੀ ਆਉਂਦੇ ਨੇ। ਦੀਵਾਲੀ ਨੇੜੇ ਪਿਓ ਤੁਰਗਿਆ, ਵਿਸਾਖੀ ਵੇਲੇ ਮਾਂ।’
ਕਰਨ ਔਜਲਾ ਨੇ ਨਾਲ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੀ ਮਾਤਾ ਜੀ ਦੇ ਦਿਹਾਂਤ ਨੂੰ 10 ਸਾਲ ਹੋ ਗਏ ਹਨ। ਕਰਨ ਔਜਲਾ ਨੇ ਇਹ ਤਸਵੀਰ ਇੰਸਟਾਗ੍ਰਾਮ ਸਟੋਰੀ ’ਚ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਕਰਨ ਔਜਲਾ ਅਕਸਰ ਇੰਟਰਵਿਊਜ਼ ਦੌਰਾਨ ਵੀ ਆਪਣੇ ਮਾਤਾ-ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਕਰਨ ਔਜਲਾ ਦਾ ਕਹਿਣਾ ਹੈ ਕਿ ਅੱਜ ਜੇਕਰ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ’ਚ ਹੁੰਦੇ ਤਾਂ ਉਨ੍ਹਾਂ ਨੂੰ ਇਸ ਮੁਕਾਮ ’ਤੇ ਦੇਖ ਕੇ ਬੇਹੱਦ ਖੁਸ਼ ਹੁੰਦੇ।
ਕਰਨ ਔਜਲਾ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਦਾ ਗੀਤ ‘ਫਿਊ ਡੇਅਜ਼’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਕਰਨ ਔਜਲਾ ਦੇ ਨਾਲ-ਨਾਲ ਅਮਨਤੇਜ ਹੁੰਦਲ ਨੇ ਗਾਇਆ ਹੈ। ਗੀਤ ਦੇ ਬੋਲ ਕਰਨ ਔਜਲਾ ਵਲੋਂ ਹੀ ਲਿਖੇ ਗਏ ਹਨ, ਜਦਕਿ ਮਿਊਜ਼ਿਕ ਪਰੂਫ ਨੇ ਦਿੱਤਾ ਹੈ। ਗੀਤ ਯੂਟਿਊਬ ਦੀ ਟਰੈਂਡਿੰਗ ਲਿਸਟ ’ਚ ਬਣਿਆ ਹੋਇਆ ਹੈ, ਜਿਸ ਨੂੰ 15 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।