‘ਫਿਲਮਾਂ ਦੀ ਕਮਾਈ ਦੇਸ਼ ਦੇ ਮਜ਼ਬੂਤ ਅਰਥਚਾਰੇ ਦਾ ਸੰਕੇਤ’
ਮੁੰਬਈ-ਮੰਦੀ ਦੇ ਸੰਕੇਤਾਂ ਦੇ ਬਾਵਜੂਦ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ 2 ਅਕਤੂਬਰ ਦੀ ਛੁੱਟੀ ਵਾਲੇ ਦਿਨ ਬੌਲੀਵੁੱਡ ਦੀਆਂ ਤਿੰਨ ਫਿਲਮਾਂ ਵਲੋਂ ਕੀਤੀ ਗਈ 120 ਕਰੋੜ ਰੁਪਏ ਦੀ ਕਮਾਈ ਤੋਂ ‘ਵਧੀਆ ਅਰਥਚਾਰੇ’ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਨੇ ਐੱਨਐੱਸਐੱਸਓ ਦੀ ਰਿਪੋਰਟ ਨੂੰ ‘ਗਲਤ’ ਕਰਾਰ ਦਿੱਤਾ, ਜਿਸ ਵਿੱਚ 2017 ਦੀ ਬੇਰੁਜ਼ਗਾਰੀ ਦਰ ਨੂੰ 45 ਸਾਲਾਂ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਕਰਾਰ ਦਿੱਤਾ ਗਿਆ ਹੈ।
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਵਲੋਂ ਭਾਰਤ ਅਤੇ ਬ੍ਰਾਜ਼ੀਲ ਵਿੱਚ ਇਸ ਵਰ੍ਹੇ ਆਰਥਿਕ ਮੰਦੀ ਦਾ ਅਸਰ ਸਭ ਤੋਂ ਵੱਧ ਹੋਣ ਬਾਰੇ ਦਿੱਤੇ ਬਿਆਨ ਤੋਂ ਕੁਝ ਦਿਨਾਂ ਬਾਅਦ ਪ੍ਰਸਾਦ ਨੇ ਕਿਹਾ ਕਿ ਇਹ ਮਾਪ ਅਧੂਰਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਖ਼ਿਲਾਫ਼ ਡਟੇ ਕੁਝ ਜਥੇਬੰਦਕ ਲੋਕਾਂ ਵਲੋਂ ਬੇਰੁਜ਼ਗਾਰੀ ਦੇ ਮੁੱਦੇ ’ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਪ੍ਰਸਾਦ ਨੇ ਪੱਤਰਕਾਰਾਂ ਨੂੰ ਸਵਾਲ ਕਰਦਿਆਂ ਕਿਹਾ, ‘‘ਮੈਨੂੰ ਦੱਸਿਆ ਗਿਆ ਸੀ ਕਿ 2 ਅਕਤੂਬਰ ਨੂੰ ਕੌਮੀ ਛੁੱਟੀ ਵਾਲੇ ਦਿਨ ਤਿੰਨ ਹਿੰਦੀ ਫਿਲਮਾਂ ਨੇ 120 ਕਰੋੜ ਰੁਪਏ ਦੀ ਕਮਾਈ ਕੀਤੀ। ਜੇਕਰ ਦੇਸ਼ ਦੀ ਆਰਥਿਕਤਾ ਪੈਰਾਂ-ਸਿਰ ਨਹੀਂ ਹੈ ਤਾਂ ਕੇਵਲ ਤਿੰਨ ਫਿਲਮਾਂ ਇੱਕ ਦਿਨ ਵਿੱਚ ਏਨੀ ਕਮਾਈ ਕਿਵੇਂ ਕਰ ਸਕਦੀਆਂ ਹਨ?’’ ਉਹ ਮੁੰਬਈ ਵਿੱਚ ਮਹਾਰਾਸ਼ਟਰ ’ਚ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਭਾਜਪਾ ਉਮਦੀਵਾਰਾਂ ਲਈ ਪ੍ਰਚਾਰ ਕਰ ਰਹੇ ਸਨ। -