‘ਰਾਓ-ਸਿੰਘ ਆਰਥਿਕ ਮਾਡਲ ਅਪਣਾਏ ਮੋਦੀ ਸਰਕਾਰ’
ਚੰਡੀਗੜ੍ਹ-ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪਤੀ ਤੇ ਅਰਥਸ਼ਾਸਤਰੀ ਪਰਾਕਲਾ ਪ੍ਰਭਾਕਰ ਵੱਲੋਂ ‘ਦਿ ਹਿੰਦੂ’ ਦੇ ਨਜ਼ਰੀਆ ਸਫ਼ੇ ਲਈ ਲਿਖੇ ਮਜ਼ਮੂਨ ਨੇ ਆਰਥਿਕ ਮੰਦੀ ਕਰਕੇ ਪਹਿਲਾਂ ਹੀ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਸ੍ਰੀ ਪ੍ਰਭਾਕਰ ਨੇ ਲਿਖਿਆ ਕਿ ਮੋਦੀ ਸਰਕਾਰ ਦੇਸ਼ ਦੇ ਆਰਥਿਕ ਮੰਦੀ ਦੀ ਮਾਰ ਹੇਠ ਹੋਣ ਦੇ ਤੱਥ ਨੂੰ ਮੰਨਣ ਤੋਂ ‘ਮੂਲੋਂ ਹੀ ਇਨਕਾਰੀ’ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਕਿ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਤਤਕਾਲੀਨ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਤੇ ਵਿੱਤ ਮੰਤਰੀ ਮਨਮੋਹਨ ਸਿੰਘ ਦੇ ਆਰਥਿਕ ਮਾਡਲ ਨੂੰ ਗ੍ਰਹਿਣ ਕਰੇ। ਸ੍ਰੀ ਪ੍ਰਭਾਕਰ ਨੇ ਲਿਖਿਆ, ‘ਭਾਜਪਾ ਨੇ (ਨਰਸਿਮ੍ਹਾ) ਰਾਓ ਦੇ 1991 ਦੇ ਆਰਥਿਕ ਢਾਂਚੇ ਨੂੰ ਨਾ ਤਾਂ ਕਦੇ ਚੁਣੌਤੀ ਦਿੱਤੀ ਤੇ ਨਾ ਹੀ ਰੱਦ ਕੀਤਾ ਹੈ। ਜੇਕਰ ਇਸ ਮਾਡਲ ਨੂੰ ਪੂਰੀ ਤਰ੍ਹਾਂ ਗ੍ਰਹਿਣ ਜਾਂ ਫਿਰ ਇਸਦੀ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਜਾਂਦੀ ਹੈ ਤਾਂ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਰਥਚਾਰੇ ਨੂੰ ਮੌਜੂਦਾ ਮੰਦੀ ਵਾਲੇ ਹਾਲਾਤ ’ਚੋਂ ਦੇਸ਼ ਨੂੰ ਪਾਰ ਲਾ ਸਕਦੀ ਹੈ।’ ਪ੍ਰਭਾਕਰ ਨੇ ਇਹ ਵੀ ਕਿਹਾ ਕਿ ਮੌਜੂਦਾ ਭਾਜਪਾ ਲੀਡਰਸ਼ਿਪ ਇਸ ਤੱਥ ਤੋਂ ਭਲੀਭਾਂਤ ਵਾਕਿਫ਼ ਸੀ ਕਿ ਸਾਲ 2004 ਵਿੱਚ ਅਰਥਚਾਰੇ ਦੀ ਗੱਲ ਪਾਰਟੀ ਦੇ ਕਿਸੇ ਕੰਮ ਨਹੀਂ ਆਈ ਸੀ। ਹਾਲੀਆ ਆਮ ਚੋਣਾਂ ’ਚ ਭਾਜਪਾ ਨੇ ਬਹੁਤ ਸੋਚ ਸਮਝ ਕੇ ਆਪਣੀ ਆਰਥਿਕ ਕਾਰਗੁਜ਼ਾਰੀਆਂ ਦੀ ਗੱਲ ਕਰਨ ਦੀ ਬਜਾਏ ਮਜ਼ਬੂਤ ਸਰਕਾਰ, ਰਾਸ਼ਟਰਵਾਦ ਅਤੇ ਕੌਮੀ ਸੁਰੱਖਿਆ ਜਿਹੇ ਮੁੱਦਿਆਂ ਨੂੰ ਉਭਾਰਿਆ।