‘ਸੋਚੇ-ਸਮਝੇ ਤੇ ਯੋਜਨਾਬੱਧ’ ਢੰਗ ਨਾਲ ਕੀਤਾ ਗਿਆ ਹੈ ਹਮਲਾ: ਜੈਸ਼ੰਕਰ
: ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਫੋਨ ਉਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਵੇਂ ਆਗੂ ‘ਜਲਦੀ ਤੋਂ ਜਲਦੀ’ ਜ਼ਮੀਨ ’ਤੇ ‘ਤਣਾਅ’ ਘਟਾਉਣ ਲਈ ਸਹਿਮਤ ਹੋਏ ਹਨ। ਦੋਵੇਂ ਧਿਰਾਂ ਵਿਚਾਲੇ ਹੋਏ ਸਮਝੌਤੇ ਤਹਿਤ ਸਰਹੱਦੀ ਇਲਾਕੇ ਵਿਚ ਸ਼ਾਂਤੀ ਤੇ ਸਥਿਰਤਾ ਬਰਕਰਾਰ ਰੱਖਣ ਲਈ ਵੀ ਸਹਿਮਤੀ ਬਣੀ ਹੈ। ਜੈਸ਼ੰਕਰ ਨੇ ਵਾਂਗ ਨੂੰ ਕਿਹਾ ਕਿ ਚੀਨੀ ਧਿਰ ਨੇ ਸੋਚ-ਸਮਝੀ ਸਾਜ਼ਿਸ਼ ਤਹਿਤ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਹੈ ਤੇ ਇਸ ਦੇ ਸਿੱਟੇ ਵਜੋਂ ਹੀ ਹਿੰਸਾ ਤੇ ਜਾਨੀ ਨੁਕਸਾਨ ਹੋਇਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਚੀਨ ਜ਼ਮੀਨੀ ਪੱਧਰ ’ਤੇ ਬਦਲਾਅ ਦਾ ਚਾਹਵਾਨ ਹੈ। ਸਮਝੌਤਿਆਂ ਅਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੀ ਸਹਿਮਤੀ ਦੇ ਬਾਵਜੂਦ ਅਜਿਹਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਹਿੰਸਕ ਝੜਪ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਹਨ। ਪੰਜ ਦਹਾਕਿਆਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਐਨੇ ਵੱਡੇ ਪੱਧਰ ਦਾ ਟਕਰਾਅ ਹੋਇਆ ਹੈ। ਜੈਸ਼ੰਕਰ ਨੇ ਗੱਲਬਾਤ ਦੌਰਾਨ ਆਪਣੇ ਚੀਨੀ ਹਮਰੁਤਬਾ ਕੋਲ ਭਾਰਤ ਵੱਲੋਂ ਸਖ਼ਤ ਰੋਸ ਦਰਜ ਕਰਵਾਇਆ। ਭਾਰਤੀ ਵਿਦੇਸ਼ ਮੰਤਰੀ ਨੇ ਵਾਂਗ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਅਣਕਿਆਸੀਆਂ ਕਾਰਵਾਈਆਂ ਦਾ ਦੁਵੱਲੇ ਰਿਸ਼ਤਿਆਂ ’ਤੇ ‘ਗੰਭੀਰ ਅਸਰ’ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੀਆਂ ਕਾਰਵਾਈਆਂ ਦੀ ਮੁੜ ਸਮੀਖ਼ਿਆ ਕਰੇ ਤੇ ਸੁਧਾਰ ਲਈ ਕਦਮ ਚੁੱਕੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ
ਕਿਹਾ ਹੈ ਕਿ ਦੋਵੇਂ ਧਿਰਾਂ ਟਕਰਾਅ ਮਗਰੋਂ ਬਣੀਆਂ ਗੰਭੀਰ ਸਥਿਤੀਆਂ ਨਾਲ ‘ਨਿਆਂਸੰਗਤ’ ਤਰੀਕੇ ਨਾਲ ਨਜਿੱਠਣ ਲਈ ਸਹਿਮਤ ਹੋਈਆਂ ਹਨ। ਵਾਂਗ ਨੇ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਦੋਵਾਂ ਮੁਲਕਾਂ ਨੂੰ ਆਗੂਆਂ ਵੱਲੋਂ ਬਣਾਈ ਸਹਿਮਤੀ ਦੇ ਰਾਹ ’ਤੇ ਚੱਲਣ ਦੀ ਲੋੜ ਹੈ। ਸਰਹੱਦੀ ਵਿਵਾਦ ਨੂੰ ਢੁੱਕਵੇਂ ਢੰਗ ਨਾਲ ਨਜਿੱਠਣ ਲਈ ਮੌਜੂਦਾ ਮਾਧਿਅਮਾਂ ਰਾਹੀਂ ਗੱਲਬਾਤ ਤੇ ਤਾਲਮੇਲ ਵੀ ਮਜ਼ਬੂਤ ਕਰਨ ਦੀ ਲੋੜ ਹੈ। ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਚੀਨ ਵੱਡੀ ਆਬਾਦੀ ਵਾਲੀਆਂ ਉੱਭਰ ਰਹੀਆਂ ਤਾਕਤਾਂ ਹਨ ਤੇ ‘ਆਪਣੇ ਵਿਕਾਸ ਨੂੰ ਰਫ਼ਤਾਰ ਦੇਣ ਤੇ ਇਸ ਵਿਚ ਨਵੀਂ ਰੂਹ ਫੂਕਣੀ ਸਾਡੇ ਇਤਿਹਾਸਕ ਮੰਤਵ ਹਨ।’ ਇਸ ਲਈ ਦੋਵੇਂ ਧਿਰਾਂ ਲਈ ਆਪਸੀ ਸਨਮਾਨ ਤੇ ਸਹਿਯੋਗ ਨੂੰ ਮੁੱਖ ਰੱਖ ਕੇ ਸਹੀ ਦਿਸ਼ਾ ਵੱਲ ਵਧਣਾ ਜ਼ਰੂਰੀ ਹੈ। ਸ਼ੱਕੀ ਰਵੱਈਏ ਤੇ ਆਪਸੀ ਤਕਰਾਰ ਨਾਲ ਨੁਕਸਾਨ ਹੀ ਹੋਵੇਗਾ। -ਪੀਟੀਆਈ
ਗਲਵਾਨ ਹਿੰਸਕ ਝੜਪ ਦੌਰਾਨ ਚੀਨ ਦੇ 35 ਸੈਨਿਕ ਫੱਟੜ ਜਾਂ ਹਲਾਕ ਹੋਏ
ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿੱਚ ਲੰਘੇ ਦਿਨ ਭਾਰਤੀ ਫ਼ੌਜ ਨਾਲ ਹੋਈ ਹਿੰਸਕ ਝੜਪ ਵਿੱਚ ਚੀਨੀ ਫ਼ੌਜ ਦੇ 35 ਜਵਾਨ ਫੱਟੜ ਜਾਂ ਹਲਾਕ ਹੋਏ ਹਨ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅੰਕੜਾ ਝੜਪ ਦੌਰਾਨ ਹਲਾਕ ਤੇ ਗੰਭੀਰ ਫੱਟੜ ਹੋਏ ਜਵਾਨਾਂ ਦੀ ਗਿਣਤੀ ਦਾ ਮੇਲ ਹੋ ਸਕਦਾ ਹੈ। ਭਾਰਤੀ ਫ਼ੌਜ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਪਿਛਲੇ ਪੰਜ ਦਹਾਕਿਆਂ ਵਿੱਚ ਸੋਮਵਾਰ ਰਾਤ ਨੂੰ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹੋਈ ਹੁਣ ਤੱਕ ਦੀ ਸਭ ਤੋਂ ਵੱਡੀ ਹਿੰਸਕ ਝੜਪ ਵਿੱਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਸਨ। ਸੂਤਰਾਂ ਨੇ ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਝੜਪ ਵਿੱਚ ਚੀਨੀ ਫ਼ੌਜ ਦੇ ਵੀ 35 ਜਵਾਨ ਹਲਾਕ ਜਾਂ ਫੱਟੜ ਹੋਏ ਹਨ।